ਮੁੰਬਈ, 01 ਅਕਤੂਬਰ (ਹਿ. ਸ.)। ਨਾਨਾ ਪਾਟੇਕਰ ਸਟਾਰਰ ਫਿਲਮ ‘ਦ ਵੈਕਸੀਨ ਵਾਰ’ ਸ਼ੁੱਕਰਵਾਰ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਪਹਿਲੇ ਦਿਨ ਦਾ ਪ੍ਰਦਰਸ਼ਨ ਕਾਫੀ ਨਿਰਾਸ਼ਾਜਨਕ ਰਿਹਾ ਹੈ। ‘ਦਿ ਕਸ਼ਮੀਰ ਫਾਈਲਜ਼’ ਵਰਗੀ ਸੁਪਰਹਿੱਟ ਫਿਲਮ ਦੇਣ ਤੋਂ ਬਾਅਦ ਵਿਵੇਕ ਅਗਨੀਹੋਤਰੀ ਦੀ ‘ਦਿ ਵੈਕਸੀਨ ਵਾਰ’ ਨੇ ਸਾਰਿਆਂ ਦਾ ਧਿਆਨ ਤਾਂ ਆਪਣੇ ਵੱਲ ਖਿੱਚਿਆ, ਪਰ ਕਮਾਈ ਦੇ ਮਾਮਲੇ ‘ਚ ਕੋਈ ਕਮਾਲ ਨਹੀਂ ਕਰ ਸਕੀ ਹੈ।
ਫਿਲਮ ‘ਦ ਵੈਕਸੀਨ ਵਾਰ’ ਕੋਰੋਨਾ ਮਹਾਮਾਰੀ ਦੌਰਾਨ ਦੇਸ਼ ‘ਚ ਸਥਿਤੀ, ਇਸ ਭਿਆਨਕ ਮਹਾਮਾਰੀ ਵਿਰੁੱਧ ਦੇਸ਼ ਦੀ ਲੜਾਈ ਅਤੇ ਭਾਰਤ ‘ਚ ਵੈਕਸੀਨ ਉਤਪਾਦਨ ਦੀ ਕਹਾਣੀ ਬਿਆਨ ਕਰਦੀ ਹੈ। ਤਿੰਨ ਸਾਲ ਪਹਿਲਾਂ ਵਾਪਰੀ ਇਸ ਭਿਆਨਕ ਬੀਮਾਰੀ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਵਾਲੀ ਇਹ ਫਿਲਮ ਕਿਵੇਂ ਦੀ ਹੋਵੇਗੀ, ਇਸ ਬਾਰੇ ਕਾਫੀ ਚਰਚਾ ਹੋਈ। ਪਹਿਲੇ ਦਿਨ ਦੀ ਕਮਾਈ ਨੂੰ ਦੇਖ ਕੇ ਲੱਗਦਾ ਹੈ ਕਿ ਦਰਸ਼ਕਾਂ ਨੇ ਇਸ ਤੋਂ ਮੂੰਹ ਮੋੜ ਲਿਆ ਹੈ। ਫਿਲਮ ਨੇ ਪਹਿਲੇ ਦਿਨ ਲਗਭਗ 1.50 ਕਰੋੜ ਰੁਪਏ ਦੀ ਕਮਾਈ ਕੀਤੀ, ਜਦਕਿ ਦੂਜੇ ਦਿਨ ਫਿਲਮ ਨੇ 90 ਲੱਖ ਰੁਪਏ ਦੀ ਕਮਾਈ ਕੀਤੀ। ਫਿਲਮ ਤੀਜੇ ਦਿਨ ਸਿਰਫ 1.50 ਕਰੋੜ ਰੁਪਏ ਹੀ ਕਮਾ ਸਕੀ। ਘੱਟ ਬਜਟ ‘ਚ ਬਣੀ ‘ਦ ਵੈਕਸੀਨ ਵਾਰ’ ਨੂੰ ਹਿੰਦੀ, ਅੰਗਰੇਜ਼ੀ, ਬੰਗਾਲੀ, ਪੰਜਾਬੀ, ਭੋਜਪੁਰੀ, ਕੰਨੜ, ਤਾਮਿਲ, ਤੇਲਗੂ, ਮਲਿਆਲਮ, ਗੁਜਰਾਤੀ ਅਤੇ ਮਰਾਠੀ ਸਮੇਤ 11 ਭਾਸ਼ਾਵਾਂ ‘ਚ ਦੇਸ਼ ਭਰ ‘ਚ 1000 ਸਕ੍ਰੀਨਜ਼ ‘ਤੇ ਰਿਲੀਜ਼ ਕੀਤਾ ਗਿਆ ਹੈ। ਫਿਲਮ ‘ਚ ਨਾਨਾ ਪਾਟੇਕਰ ਤੋਂ ਇਲਾਵਾ ਅਨੁਪਮ ਖੇਰ, ਸਪਤਮੀ ਗੌੜਾ, ਪੱਲਵੀ ਜੋਸ਼ੀ, ਗਿਰੀਜਾ ਓਕ ਅਤੇ ਰਾਇਮਾ ਸੇਨ ਮੁੱਖ ਭੂਮਿਕਾਵਾਂ ‘ਚ ਹਨ। ਫਿਲਮ ਦਾ ਨਿਰਮਾਣ ਪੱਲਵੀ ਜੋਸ਼ੀ ਨੇ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
