ਹਾਂਗਜ਼ੂ, 29 ਸਤੰਬਰ (ਹਿ.ਸ.)। ਏਸ਼ੀਆਈ ਖੇਡਾਂ ’ਚ ਭਾਰਤੀ ਮਹਿਲਾ ਬੈਡਮਿੰਟਨ ਟੀਮ ਦਾ ਸਫਰ ਸ਼ੁੱਕਰਵਾਰ ਨੂੰ ਖਤਮ ਹੋ ਗਿਆ। ਬੈਡਮਿੰਟਨ ਮਹਿਲਾ ਟੀਮ ਦੇ ਕੁਆਰਟਰ ਫਾਈਨਲ ਵਿੱਚ ਭਾਰਤੀ ਟੀਮ ਨੂੰ ਥਾਈਲੈਂਡ ਖ਼ਿਲਾਫ਼ 3-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਟੀਮ ਦੇ ਕੁਆਰਟਰ ਫਾਈਨਲ ਦੇ ਪਹਿਲੇ ਮੈਚ ਵਿੱਚ ਪੀਵੀ ਸਿੰਧੂ ਦਾ ਸਾਹਮਣਾ ਪੋਰਨਪਾਵੀ ਚੋਚੁਵੋਂਗ ਨਾਲ ਹੋਇਆ। ਚੋਚੁਵੋਂਗ ਨੇ ਇਹ ਮੈਚ 14-21, 21-15, 21-14 ਨਾਲ ਜਿੱਤਿਆ। ਇਹ ਮੈਚ 67 ਮਿੰਟ ਤੱਕ ਚੱਲਿਆ।
ਪੀਵੀ ਸਿੰਧੂ ਦੇ ਸ਼ੁਰੂਆਤੀ ਸਿੰਗਲਜ਼ ਵਿੱਚ ਪੋਰਨਪਾਵੀ ਚੋਚੁਵੋਂਗ ਤੋਂ ਹਾਰਨ ਤੋਂ ਬਾਅਦ ਟਰੇਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਡਬਲਜ਼ ਵਿੱਚ ਜੋਂਗਕੋਲਫਾਨ ਕਿਟੀਥਾਰਾਕੁਲ ਅਤੇ ਰਾਵਿੰਡਾ ਪ੍ਰਜੋਂਗਜਈ ਤੋਂ ਹਾਰ ਗਏ। ਥਾਈਲੈਂਡ ਦੀ ਜੋੜੀ ਨੇ ਭਾਰਤੀ ਜੋੜੀ ਨੂੰ ਸਿਰਫ਼ 20 ਮਿੰਟਾਂ ਵਿੱਚ 21-19, 21-5 ਨਾਲ ਹਰਾ ਕੇ ਮੈਚ ਵਿੱਚ ਥਾਈਲੈਂਡ ਨੂੰ 2-0 ਦੀ ਬੜ੍ਹਤ ਦਿਵਾਈ।
ਤੀਜੇ ਮੈਚ ਵਿੱਚ ਅਸ਼ਮਿਤਾ ਚਾਲੀਹਾ ਦਾ ਸਾਹਮਣਾ ਬੁਸਾਨਨ ਓਂਗਬਾਮਰੁੰਗਫਾਨ ਨਾਲ ਹੋਇਆ। ਬੁਸਾਨਨ ਨੇ 44 ਮਿੰਟ ਤੱਕ ਚੱਲੇ ਮੈਚ ਵਿੱਚ ਅਸ਼ਮਿਤਾ ਨੂੰ 21-9, 21-16 ਨਾਲ ਹਰਾ ਕੇ ਥਾਈਲੈਂਡ ਨੂੰ 3-0 ਨਾਲ ਜਿੱਤ ਦਿਵਾਈ ਅਤੇ ਆਪਣੇ ਦੇਸ਼ ਨੂੰ ਸੈਮੀਫਾਈਨਲ ਵਿੱਚ ਪਹੁੰਚਾਇਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
