ਚੰਡੀਗੜ੍ਹ, 29 ਸਤੰਬਰ । ਹਰਿਆਣਾ ਸਰਕਾਰ ਨੇ ਸਿੱਕਮ ਕੇਡਰ ਦੀ ਆਈਏਐਸ ਪਰੀ ਬਿਸ਼ਨੋਈ ਨੂੰ ਹਰਿਆਣਾ ਕੇਡਰ ਦੇਣ ਲਈ ਐਨ.ਓ.ਸੀ. ਜਾਰੀ ਕਰ ਦਿੱਤੀ ਹੈ। ਹੁਣ ਪਰੀ ਬਿਸ਼ਨੋਈ ਹਰਿਆਣਾ ਸ਼ਿਫਟ ਹੋਵੇਗੀ। ਪਰੀ ਬਿਸ਼ਨੋਈ ਆਦਮਪੁਰ ਤੋਂ ਵਿਧਾਇਕ ਭਵਿਆ ਬਿਸ਼ਨੋਈ ਦੀ ਮੰਗੇਤਰ ਹਨ। ਦੋਵਾਂ ਨੇ ਹਾਲ ਹੀ ’ਚ ਮੰਗਣੀ ਕੀਤੀ ਹੈ।
ਦਰਅਸਲ, ਪਰੀ ਬਿਸ਼ਨੋਈ 2020 ਬੈਚ ਦੀ ਆਈਏਐਸ ਹੈ। ਉਨ੍ਹਾਂ ਦਾ ਯੂਪੀਐਸਸੀ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚ 30ਵਾਂ ਸਥਾਨ ਸੀ। ਪਰੀ ਬਿਸ਼ਨੋਈ ਇਸ ਸਮੇਂ ਸਿੱਕਮ ਦੀ ਰਾਜਧਾਨੀ ਗੰਗਟੋਕ ਵਿੱਚ ਐਸਡੀਐਮ ਵਜੋਂ ਕੰਮ ਕਰ ਰਹੀ ਹਨ। ਪਰੀ ਬਿਸ਼ਨੋਈ ਦਾ ਜਨਮ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਪਿੰਡ ਕਾਕੜਾ ਵਿੱਚ ਹੋਇਆ ਸੀ। ਪਰੀ ਦੀ ਮਾਂ ਸੁਸ਼ੀਲਾ ਵਿਸ਼ਨੋਈ ਇਸ ਸਮੇਂ ਜੀਆਰਪੀ ਵਿੱਚ ਪੁਲਿਸ ਅਧਿਕਾਰੀ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਮਨੀਰਾਮ ਬਿਸ਼ਨੋਈ ਇੱਕ ਵਕੀਲ ਹਨ।
ਪਰੀ ਬਿਸ਼ਨੋਈ ਨੇ ਕੇਂਦਰ ਸਰਕਾਰ ਨੂੰ ਅਰਜ਼ੀ ਦਿੱਤੀ ਸੀ ਕਿ ਉਨ੍ਹਾਂ ਨੂੰ ਸਿੱਕਮ ਕੇਡਰ ਤੋਂ ਹਰਿਆਣਾ ਕੇਡਰ ਵਿੱਚ ਤਬਦੀਲ ਕੀਤਾ ਜਾਵੇ ਕਿਉਂਕਿ ਉਹ ਆਪਣੇ ਮਾਪਿਆਂ ਦੀ ਦੇਖਭਾਲ ਕਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਨੇ ਇਸ ਲਈ ਹਰਿਆਣਾ ਸਰਕਾਰ ਤੋਂ ਐਨਓਸੀ ਮੰਗੀ ਸੀ। ਪਰੀ ਬਿਸ਼ਨੋਈ ਦੀ ਐਨਓਸੀ ਨੂੰ ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ, ਇਸ ਨੂੰ ਹੁਣ ਕੇਂਦਰ ਨੂੰ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦਾ ਸਿੱਕਮ ਕੇਡਰ ਹਰਿਆਣਾ ਕੇਡਰ ਵਿੱਚ ਬਦਲਿਆ ਜਾਵੇਗਾ।
