ਹਰਿਦੁਆਰ, 27 ਸਤੰਬਰ (ਹਿ. ਸ.)। ਉੱਤਰਾਖੰਡ ਦੇ ਹਰਿਦੁਆਰ ਜ਼ਿਲੇ ਦੇ ਰੁੜਕੀ ਦੇ ਪੀਰਾਨ ਕਲਿਆਰ ਤੋਂ ਬਿਨਾਂ ਪਾਸਪੋਰਟ ਦੇ ਭਾਰਤ ’ਚ ਰਹਿ ਰਹੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਪੁਲਿਸ ਅਤੇ ਐਲਆਈਯੂ ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਬੰਗਲਾਦੇਸ਼ੀ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਮੁਲਜ਼ਮ ਪਿਛਲੇ ਕਈ ਸਾਲਾਂ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਿਹਾ ਸੀ ਅਤੇ ਭੀਖ ਮੰਗ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਐੱਸ.ਪੀ ਦੇਹਾਤ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਦੇਰ ਰਾਤ ਕਿਸੇ ਮੁਖਬਰ ਨੇ ਉਸਾਰੀ ਅਧੀਨ ਹਸਪਤਾਲ ਵਿੱਚ ਇੱਕ ਸ਼ੱਕੀ ਵਿਅਕਤੀ ਬੈਠੇ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਦੋਂ ਐਲ.ਆਈ.ਯੂ ਅਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਪੁਲਸ ਦੇਖ ਕੇ ਵਿਅਕਤੀ ਉੱਥੋਂ ਭੱਜਣ ਲੱਗਾ ਪਰ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਨੇ ਆਪਣਾ ਨਾਮ 48 ਸਾਲਾ ਸ਼ੇਖ ਅਬਦੁਲ ਰਫੀਕ ਪੁੱਤਰ ਸ਼ੇਖ ਅਬਿਦੁਲ ਅਜ਼ੀਜ਼ ਵਾਸੀ ਬਾਦਸ਼ਾਹੀ ਮਸਜਿਦ ਨੇੜੇ, ਜ਼ਿਲਾ ਭਰੂਚ (ਗੁਜਰਾਤ) ਦੱਸਿਆ। ਤਲਾਸ਼ੀ ਲੈਣ ’ਤੇ ਉਸ ਕੋਲੋਂ ਕੁਝ ਕੱਪੜੇ ਅਤੇ 210 ਰੁਪਏ ਬਰਾਮਦ ਹੋਏ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਉਸਨੇ ਆਪਣੇ ਆਪ ਨੂੰ ਬੰਗਲਾਦੇਸ਼ ਦਾ ਰਹਿਣ ਵਾਲਾ ਦੱਸਿਆ। ਉਸ ਨੇ ਦੱਸਿਆ ਕਿ ਸਾਲ 1998 ਵਿੱਚ ਉਹ ਬੰਗਲਾਦੇਸ਼ ਤੋਂ ਪੈਸੇ ਕਮਾਉਣ ਲਈ ਗੁਪਤ ਰੂਪ ਵਿੱਚ ਬੈਨਾਪੁਰ ਸਰਹੱਦ ਪਾਰ ਕਰਕੇ ਕੋਲਕਾਤਾ ਆਇਆ ਸੀ। ਇਸ ਤੋਂ ਬਾਅਦ ਉਹ ਸਾਲ 2012 ਤੋਂ ਬਾਅਦ ਬਾਦਸ਼ਾਹੀ ਮਸਜਿਦ ਨੇੜੇ ਜ਼ਿਲ੍ਹਾ ਭਰੂਚ (ਗੁਜਰਾਤ) ਵਿਖੇ ਰਹਿ ਰਿਹਾ ਸੀ।
ਬੰਗਲਾਦੇਸ਼ੀ ਸ਼ੇਖ ਅਬਦੁਲ ਨੇ ਦੱਸਿਆ ਕਿ ਉਹ ਫਕੀਰ ਹੈ ਅਤੇ 24 ਸਤੰਬਰ ਨੂੰ ਗੁਜਰਾਤ ਤੋਂ ਰੇਲ ਗੱਡੀ ਰਾਹੀਂ ਰੁੜਕੀ ਆਇਆ ਸੀ। ਰੁੜਕੀ ਆ ਕੇ ਉਰਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਈ-ਰਿਕਸ਼ਾ ਰਾਹੀਂ ਕਲਿਯਰ ਆ ਗਿਆ। ਜਦੋਂ ਉਸ ਤੋਂ ਭਾਰਤ ਵਿੱਚ ਦਾਖ਼ਲੇ ਸਬੰਧੀ ਵੀਜ਼ਾ ਅਤੇ ਪਾਸਪੋਰਟ ਮੰਗਿਆ ਗਿਆ ਤਾਂ ਉਹ ਨਹੀਂ ਦਿਖਾ ਸਕਿਆ। ਉਸ ਖ਼ਿਲਾਫ਼ ਬਿਨਾਂ ਪਾਸਪੋਰਟ ਦੇ ਭਾਰਤ ਵਿੱਚ ਘੁਸਪੈਠ ਕਰਨ ਅਤੇ ਬਿਨਾਂ ਵੀਜ਼ੇ ਦੇ ਗ਼ੈਰ-ਕਾਨੂੰਨੀ ਢੰਗ ਨਾਲ ਇੱਥੇ ਰਹਿਣ ਦੇ ਦੋਸ਼ ਹੇਠ ਵਿਦੇਸ਼ੀ ਐਕਟ ਦੀ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਪੀ ਦੇਹਾਤ ਐਸਕੇ ਸਿੰਘ ਨੇ ਵਿਦੇਸ਼ੀ ਨਾਗਰਿਕ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
