ਅਹਿਮਦਾਬਾਦ, 27 ਸਤੰਬਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਜਰਾਤ ’ਚ ਆਪਣੀ ਫੇਰੀ ਦੇ ਦੂਜੇ ਦਿਨ ਬੁੱਧਵਾਰ ਸਵੇਰੇ ਅਹਿਮਦਾਬਾਦ ਦੇ ਸਾਇੰਸ ਸੈਂਟਰ ਪਹੁੰਚੇ। ਸਾਇੰਸ ਸੈਂਟਰ ਵਿਖੇ ਉਨ੍ਹਾਂ ਰੋਬੋਟਿਕ ਗੈਲਰੀ ਸਮੇਤ ਵੱਖ-ਵੱਖ ਪ੍ਰੋਜੈਕਟਾਂ ਦਾ ਨਿਰੀਖਣ ਕੀਤਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗੁਲਦਸਤਾ ਅਤੇ ਸ਼ਾਲ ਭੇਂਟ ਕਰਕੇ ਸਵਾਗਤ ਕੀਤਾ। ਸਾਇੰਸ ਸੈਂਟਰ ਵਿਖੇ ਵਾਈਬ੍ਰੈਂਟ ਗੁਜਰਾਤ ਸਮਿਟ ਦੇ 20 ਸਾਲ ਪੂਰੇ ਹੋਣ ਦੀ ਯਾਦ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ। ਪੀਐਮ ਮੋਦੀ ਨੇ ਇੱਥੇ ਸਮਿਟ ਆਫ ਸਕਸੈਸ ਪਵੇਲੀਅਨ ਦਾ ਉਦਘਾਟਨ ਵੀ ਕੀਤਾ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਆਚਾਰੀਆ ਦੇਵਵਰਤ ਅਤੇ ਮੁੱਖ ਮੰਤਰੀ ਭੂਪੇਂਦਰ ਪਟੇਲ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਾਇੰਸ ਸਿਟੀ ਪਹੁੰਚੇ। ਇੱਥੇ ਪ੍ਰਧਾਨ ਮੰਤਰੀ ਦਾ ਗਰਬਾ ਨਾਲ ਸਵਾਗਤ ਕੀਤਾ ਗਿਆ। ਵਾਈਬ੍ਰੈਂਟ ਸਮਿਟ ਦੀ ਸਫ਼ਲਤਾ ਬਾਰੇ ਇੱਕ ਡਾਕੂਮੈਂਟਰੀ ਦਿਖਾਈ ਗਈ। ਇਸ ਤੋਂ ਬਾਅਦ ਵਾਈਬ੍ਰੈਂਟ ਗੁਜਰਾਤ ਦੀ ਸਫਲਤਾ ਦੇ 20 ਸਾਲਾਂ ਦਾ ਜਸ਼ਨ ਸ਼ੁਰੂ ਹੋ ਗਿਆ। ਮੰਚ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਜਪਾਲ ਆਚਾਰੀਆ ਦੇਵਵਰਤ, ਮੁੱਖ ਮੰਤਰੀ ਭੂਪੇਂਦਰ ਪਟੇਲ, ਭਾਜਪਾ ਪ੍ਰਧਾਨ ਅਤੇ ਸੰਸਦ ਮੈਂਬਰ ਸੀਆਰ ਪਾਟਿਲ, ਗ੍ਰਹਿ ਰਾਜ ਮੰਤਰੀ ਹਰਸ਼ ਸੰਘਵੀ, ਉਦਯੋਗ ਮੰਤਰੀ ਬਲਵੰਤ ਪਟੇਲ ਅਤੇ ਹੋਰ ਮੌਜੂਦ ਸਨ।
ਇਸ ਮੌਕੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਕਿਹਾ ਕਿ ਇਹ ਸਮਿਟ ਆਫ਼ ਸਕਸੈਸ ਹੈ। ਸਮਿਟ ਦੀ ਯਾਤਰਾ 300 ਵਪਾਰਕ ਭਾਈਵਾਲਾਂ ਨਾਲ ਸ਼ੁਰੂ ਹੋਈ ਸੀ। ਪ੍ਰਧਾਨ ਮੰਤਰੀ ਨੇ ਗੁਜਰਾਤ ਨੂੰ ਗਿਫਟ ਸਿਟੀ, ਧੋਲੇਰਾ ਵਰਗੇ ਵਿਸ਼ਵ ਪੱਧਰੀ ਪ੍ਰੋਜੈਕਟ ਦਿੱਤੇ ਹਨ। ਇਸ ਮੌਕੇ ਜਾਪਾਨੀ ਉਦਯੋਗਪਤੀ ਨੇ ਵਾਈਬ੍ਰੈਂਟ ਸੰਮੇਲਨ ਨੂੰ 20 ਸਾਲ ਪੂਰੇ ਹੋਣ ’ਤੇ ਵਧਾਈ ਦਿੱਤੀ। ਮੇਕ ਇਨ ਇੰਡੀਆ ਵਿੱਚ ਯੋਗਦਾਨ ਦੇਣ ਵਾਲਾ ਜਾਪਾਨ ਨੰਬਰ ਇੱਕ ਦੇਸ਼ ਹੈ। ਕੁੱਲ ਐਮਓਯੂ ਨਿਵੇਸ਼ ਦਾ 70 ਪ੍ਰਤੀਸ਼ਤ ਗੁਜਰਾਤ ਵਿੱਚ ਹੋਇਆ ਹੈ।
